Skip to content

Be prepared for storm season. Safety tips and videos

ਸਾਡੇ ਗਾਹਕਾਂ ਲਈ ਕਸਟਮਰ ਸਰਿਵਸ ਦੇ ਨਿਯਮ

ਅਸੀਂ ਤੁਹਾਡੇ ਲਈ ਸਾਡੇ ਨਾਲ ਬਿਜ਼ਨਸ ਕਰਨ ਨੂੰ ਸੌਖਾ ਬਣਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਾਂ। ਇਹ ਕੁਝ ਮੁੱਖ ਚੀਜ਼ਾਂ ਹਨ ਜਿਹੜੀਆਂ ਸਾਡੇ ਖਿਆਲ ਮੁਤਾਬਕ ਤੁਹਾਨੂੰ ਬੀ ਸੀ ਹਾਈਡਰੋ ਦੇ ਇਕ ਗਾਹਕ ਵਲੋਂ ਜਾਣਨੀਆਂ ਚਾਹੀਦੀਆਂ ਹਨ।

ਅਸੀਂ ਆਪਣੇ ਗਾਹਕਾਂ ਨੂੰ ਇਲੈਕਟ੍ਰਿਕ ਟੈਰਿਫ ਮੁਤਾਬਕ ਸੇਵਾਵਾਂ ਦਿੰਦੇ ਹਾਂ, ਜਿਸ ਵਿਚ ਸ਼ਰਤਾਂ ਅਤੇ ਹਾਲਤਾਂ ਅਤੇ ਰੇਟ ਦੀਆਂ ਸੂਚੀਆਂ ਸ਼ਾਮਲ ਹਨ। ਸਾਡਾ ਇਰਾਦਾ ਤੁਹਾਡੇ ਖਾਂਤੇ ਅਤੇ ਸਰਵਿਸ ਵਿਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਜ਼ਰੂਰੀ ਜਾਣਕਾਰੀ ਦੇਣਾ ਹੈ।

ਇਸ ਲਿਖਤ ਵਿਚ ਤੁਹਾਡੇ ਪੂਰੇ ਹੱਕ ਅਤੇ ਜ਼ਿੰਮੇਵਾਰੀਆਂ ਸ਼ਾਮਲ ਨਹੀਂ ਹਨ, ਅਤੇ ਜੇ ਕਿਸੇ ਵੀ ਸੂਰਤ ਵਿਚ ਇਲੈਕਟ੍ਰਿਕ ਟੈਰਿਫ ਨਾਲ ਵਿਰੋਧ ਕਰਨ ਵਾਲੀ ਜਾਣਕਾਰੀ ਹੋਵੇ ਤਾਂ ਇਲੈਕਟ੍ਰਿਕ ਟੈਰਿਫ ਨੂੰ ਸਹੀ ਮੰਨਿਆ ਜਾਵੇਗਾ।

ਬੀ ਸੀ ਹਾਈਡਰੋ ਨਾਲ ਆਪਣੀ ਸਰਵਿਸ ਦੀਆਂ ਸ਼ਰਤਾਂ ਦੇ ਪੂਰੇ ਵੇਰਵੇ ਲਈ ਇਲੈਕਟ੍ਰਿਕ ਟੈਰਿਫ ਦੇਖੋ।

ਜਦੋਂ ਤੁਸੀਂ ਆਪਣਾ ਖਾਤਾ ਬਣਾਉਂਦੇ ਹੋ ਜਾਂ ਮੂਵ ਕਰਦੇ ਹੋ

ਬਿਜਲੀ ਦੀ ਸਰਵਿਸ ਵਿਚ ਕਿਸੇ ਵਿਘਨ ਤੋਂ ਬਚਣ ਲਈ, ਆਪਣੀ ਪ੍ਰਾਪਰਟੀ ਵਿਚ ਮੂਵ ਹੋਣ ਤੋਂ ਪਹਿਲਾਂ ਹੀ ਆਪਣਾ ਖਾਂਤਾ ਬਣਾ ਲਉ। ਪਹਿਲੇ ਖਾਂਤੇ ਵਾਲੇ ਵਿਅਕਤੀ ਦੇ ਚਲੇ ਜਾਣ ਤੋਂ ਬਾਅਦ ਜੇ ਕੋਈ ਸਰਵਿਸ ਲਈ ਅਪਲਾਈ ਨਹੀਂ ਕਰਦਾ ਤਾਂ ਅਸੀਂ ਬਿਜਲੀ ਕੱਟ ਦਿੰਦੇ ਹਾਂ।

ਤੁਸੀਂ ਸਿਰਫ ਆਪਣੇ ਨਾਂ `ਤੇ ਖਾਤਾ ਬਣਾ ਸਕਦੇ ਹੋ (ਜੇ ਬਿਜ਼ਨਸ ਖਾਤਾ ਖੋਲ੍ਹ ਰਹੇ ਹੋ ਤਾਂ ਤੁਹਾਡੇ ਬਿਜ਼ਨਸ ਦੇ ਪੂਰੇ ਕਾਨੂੰਨੀ ਨਾਂ `ਤੇ), ਅਤੇ ਤੁਹਾਨੂੰ ਸਾਨੂੰ ਆਪਣੀ ਪਛਾਣ ਦੇ ਸਹੀ ਪੱਤਰ ਅਤੇ ਰੈਫਰੈਂਸ ਦੇ ਪੇਪਰ ਦੇਣ ਦੀ ਲੋੜ ਪਵੇਗੀ।

ਨਵਾਂ ਖਾਤਾ ਖੋਲ੍ਹਣ ਬਾਰੇ ਜ਼ਿਆਦਾ ਜਾਣੋ ਜਾਂ ਆਪਣੀ ਪ੍ਰਾਪਰਟੀ `ਤੇ ਬਿਜਲੀ ਦਾ ਨਵਾਂ ਕੋਨੈਕਸ਼ਨ ਲਗਾਏ ਜਾਣ ਲਈ ਬੇਨਤੀ ਕਰਨ ਬਾਰੇ ਜਾਣੋ।

ਤੁਹਾਡੇ ਕਬਜ਼ੇ ਹੇਠਲੀ ਕਿਸੇ ਵੀ ਪ੍ਰਾਪਰਟੀ `ਤੇ ਵਰਤੀ ਗਈ ਬਿਜਲੀ ਦਾ ਬਿਲ ਦੇਣ ਲਈ ਤੁਸੀਂ ਜ਼ਿੰਮੇਵਾਰ ਹੋ। ਇਹ ਲਾਗੂ ਹੁੰਦਾ ਹੈ ਭਾਵੇਂ ਸਰਵਿਸ ਦੇ ਐਗਰੀਮੈਂਟ `ਤੇ ਦਸਖਤ ਨਹੀਂ ਹੋਏ ਜਾਂ ਇਹ ਤੁਸੀਂ ਨਹੀਂ ਹੋ ਜੋ ਪ੍ਰਾਪਰਟੀ `ਤੇ ਬਿਜਲੀ ਦੀ ਵਰਤੋਂ ਕਰ ਰਹੇ ਹੋ। ਅਜਿਹਾ ਕਦੋਂ ਹੋ ਸਕਦਾ ਹੈ, ਇਸ ਦੀਆਂ ਕੁਝ ਉਦਾਹਰਣਾਂ ਵਿਚ ਇਹ ਸ਼ਾਮਲ ਹਨ:

  • ਤੁਸੀਂ ਘਰ ਵਿਚ ਮੂਵ ਹੋ ਜਾਂਦੇ ਹੋ ਪਰ ਘਰ ਵਿਚ ਕਈ ਦਿਨ ਰਹਿਣ ਤੋਂ ਬਾਅਦ ਆਪਣਾ ਖਾਤਾ ਖੋਲ੍ਹਦੇ ਹੋ। ਇਸ ਸੂਰਤ ਵਿਚ, ਤੁਹਾਡੇ ਮੂਵ ਹੋ ਕੇ ਆਉਣ ਤੋਂ ਲੈ ਕੇ ਪ੍ਰਾਪਰਟੀ ਵਿਚ ਵਰਤੀ ਗਈ ਬਿਜਲੀ ਦਾ ਖਰਚਾ ਦੇਣ ਦੀ ਜ਼ਿੰਮੇਵਾਰੀ ਅਜੇ ਵੀ ਤੁਹਾਡੀ ਹੋਵੇਗੀ।
  • ਤੁਸੀਂ ਕਿਰਾਏ ਵਾਲੀ ਕਿਸੇ ਉਸ ਪ੍ਰਾਪਰਟੀ ਦੇ ਮਾਲਕ ਹੋ ਜਾਂ ਉਸ ਨੂੰ ਮੈਨੇਜ ਕਰਦੇ ਹੋ ਜਿਹੜੀ ਖਾਲੀ ਹੈ, ਪਰ ਕੁਝ ਬਿਜਲੀ ਅਜੇ ਵੀ ਵਰਤ ਹੋ ਰਹੀ ਹੈ (ਜਿਵੇਂ ਕਿ ਹੀਟਿੰਗ ਜਾਂ ਫਰਿੱਜਾਂ ਦੇ ਸਿਸਟਮਾਂ ਲਈ)। ਇਸ ਸੂਰਤ ਵਿਚ, ਵਰਤ ਹੋਈ ਬਿਜਲੀ ਦਾ ਖਰਚਾ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

ਜੇ ਤੁਹਾਡੇ ਵੱਲ ਪਹਿਲਾਂ ਬੰਦ ਕੀਤੇ ਗਏ ਕਿਸੇ ਖਾਤੇ ਦਾ ਬਕਾਇਆ ਰਹਿੰਦਾ ਹੋਵੇ ਤਾਂ ਬਕਾਇਆ ਰਕਮ ਤੁਹਾਡੇ ਨਵੇਂ ਖਾਤੇ `ਤੇ ਤਬਦੀਲ ਕਰ ਦਿੱਤੀ ਜਾਵੇਗੀ।

ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਬੀ ਸੀ ਹਾਈਡਰੋ ਨਾਲ ਆਪਣੇ ਨਾਂ `ਤੇ ਖਾਤਾ ਖੋਲ੍ਹਣ ਲਈ ਤੁਹਾਡਾ ਘੱਟੋ ਘੱਟ 19 ਸਾਲ ਦੀ ਉਮਰ ਦੇ ਹੋਣਾ ਜ਼ਰੂਰੀ ਹੈ।

ਬਿਜਲੀ ਦੇ ਰੇਟ

ਤੁਹਾਡੇ ਖਾਤੇ ਲਈ ਜਿਹੜਾ ਰੇਟ ਅਸੀਂ ਵਰਤਾਗੇ ਉਹ ਇਸ ਚੀਜ਼ `ਤੇ ਨਿਰਭਰ ਹੋਵੇਗਾ ਕਿ ਤੁਸੀਂ ਬਿਜਲੀ ਕਿਵੇਂ ਵਰਤਦੇ ਹੋ। ਪ੍ਰਾਪਰਟੀ ਦੀ ਕਿਸਮ, ਤੁਹਾਡੀ ਪ੍ਰਾਪਰਟੀ `ਤੇ ਬਿਜਲੀ ਦੀ ਵਰਤੋਂ ਦਾ ਮਕਸਦ, ਅਤੇ ਤੁਸੀਂ ਕਿੰਨੀ ਬਿਜਲੀ ਵਰਤਦੇ ਹੋ, ਉਹ ਪੱਖ ਹਨ ਜਿਹੜੇ ਤੁਹਾਡੇ ਰੇਟ ਦਾ ਫੈਸਲਾ ਕਰਨ ਲਈ ਵਰਤੇ ਜਾ ਸਕਦੇ ਹਨ।

  • ਜੇ ਤੁਸੀਂ ਘਰ ਵਿਚ ਰਹਿੰਦੇ ਹੋ ਅਤੇ ਬਿਜਲੀ ਦੀ ਵਰਤੋਂ ਪੂਰੀ ਤਰ੍ਹਾਂ ਰਿਹਾਇਸ਼ੀ ਮੰਤਵਾਂ ਲਈ ਕਰਦੇ ਹੋ ਤਾਂ ਤੁਹਾਨੂੰ ਰਿਹਾਇਸ਼ੀ (ਰੈਜ਼ੀਡੈਂਸ਼ਲ) ਰੇਟ `ਤੇ ਰੱਖਿਆ ਜਾਵੇਗਾ।
  • ਜੇ ਤੁਸੀਂ ਘਰ ਵਿਚ ਰਹਿੰਦੇ ਹੋ ਅਤੇ ਤੁਹਾਡੇ ਘਰ ਵਿਚ ਕੋਈ ਬਿਜ਼ਨਸ ਹੈ ਤਾਂ ਤੁਹਾਨੂੰ ਬਿਜ਼ਨਸ ਰੇਟ `ਤੇ ਰੱਖਿਆ ਜਾ ਸਕਦਾ ਹੈ।

ਸਾਡੇ ਰੇਟਾਂ ਬਾਰੇ ਜ਼ਿਆਦਾ ਜਾਣੋ।

ਖਾਤਾ ਖੋਲ੍ਹਣ ਲਈ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਤੁਹਾਨੂੰ ਸਾਨੂੰ ਇਹ ਦੱਸਣ ਦੀ ਲੋੜ ਪਵੇਗੀ ਕਿ ਆਪਣੀ ਪ੍ਰਾਪਰਟੀ `ਤੇ ਤੁਸੀਂ ਬਿਜਲੀ ਦੀ ਵਰਤੋਂ ਕਿਵੇਂ ਕਰੋਗੇ ਤਾਂ ਜੋ ਅਸੀਂ ਤੁਹਾਡੇ ਖਾਤੇ ਲਈ ਸਭ ਤੋਂ ਢੁਕਵਾਂ ਰੇਟ ਚੁਣ ਸਕੀਏ। ਆਪਣੇ ਰੇਟ ਨੂੰ ਸਮਝਣਾ, ਆਪਣੇ ਬਿਜਲੀ ਦੇ ਖਰਚਿਆਂ ਨੂੰ ਬਿਹਤਰ ਕੰਟਰੋਲ ਕਰਨ ਅਤੇ ਬੇਲੋੜੇ ਚਾਰਜਾਂ ਤੋਂ ਬਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਜੇ ਤੁਹਾਡੀ ਪ੍ਰਾਪਰਟੀ `ਤੇ ਕੋਈ ਤਬਦੀਲੀਆਂ ਹੁੰਦੀਆਂ ਹਨ ਤਾਂ ਤੁਹਾਡਾ ਬਿਜਲੀ ਦਾ ਰੇਟ ਬਦਲਣ ਦੀ ਵੀ ਲੋੜ ਹੋ ਸਕਦੀ ਹੈ। ਇਹ ਪੱਕਾ ਕਰਨ ਲਈ ਕਿ ਤੁਹਾਡਾ ਰੇਟ ਅਜੇ ਵੀ ਢੁਕਵਾਂ ਹੈ, ਸਾਡੇ ਨਾਲ ਸੰਪਰਕ ਕਰੋ ਜੇ ਇਸ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਹਨ:

  • ਤੁਸੀਂ ਕਨਸਟਰੱਕਸ਼ਨ ਦਾ ਪ੍ਰੋਜੈਕਟ ਜਾਂ ਵੱਡੀ ਰੈਨੋਵੇਸ਼ਨ ਸ਼ੁਰੂ ਜਾਂ ਮੁਕੰਮਲ ਕਰਦੇ ਹੋ
  • ਤੁਸੀਂ ਆਪਣੀ ਪ੍ਰਾਪਰਟੀ ਦਾ ਕੰਮ ਜਾਂ ਜ਼ੋਨਿੰਗ ਬਦਲਦੇ ਹੋ, ਜਿਵੇਂ ਕਿ ਰਿਹਾਇਸ਼ੀ ਫਾਰਮ ਦੀ ਵਰਤੋਂ
  • ਤੁਸੀਂ ਘਰ ਤੋਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ
  • ਤੁਸੀਂ ਆਪਣੇ ਬਿਜ਼ਨਸ ਦਾ ਸਾਈਜ਼ ਬਦਲਦੇ ਹੋ

ਅਸੀਂ ਤੁਹਾਡਾ ਰੇਟ ਉਦੋਂ ਹੀ ਬਦਲਾਂਗੇ ਜਦੋਂ ਤੁਸੀਂ ਸਾਨੂੰ ਦੱਸੋਗੇ। ਅਸੀਂ ਤੁਹਾਡੇ ਵਲੋਂ ਦੱਸੇ ਜਾਣ ਤੋਂ ਪਹਿਲਾਂ ਤਬਦੀਲੀਆਂ ਲਈ ਤੁਹਾਡੇ ਚਾਰਜ ਅਡਜਸਟ ਕਰਨ ਦੇ ਯੋਗ ਨਹੀਂ ਹਾਂ, ਇਸ ਕਰਕੇ ਕਿਸੇ ਤਬਦੀਲੀ ਬਾਰੇ ਜਿੰਨਾ ਵੀ ਛੇਤੀ ਹੋ ਸਕੇ ਸਾਨੂੰ ਫੋਨ ਕਰੋ।

ਕੁਝ ਆਮ ਚਾਰਜ ਤੁਹਾਡੇ ਖਾਤੇ `ਤੇ ਲਾਗੂ ਹੋ ਸਕਦੇ ਹਨ:

ਆਮ ਚਾਰਜ ਰਕਮ
ਖਾਤਾ ਚਾਰਜ $12.40
ਵਾਪਸ ਹੋਈ ਪੇਮੈਂਟ ਦਾ ਚਾਰਜ $6.00
ਦੁਬਾਰਾ ਕੋਨੈਕਸ਼ਨ ਕਰਨ ਦਾ ਚਾਰਜ (ਘੱਟੋ ਘੱਟ) $30.00
ਉਨ੍ਹਾਂ ਮੀਟਰਾਂ ਲਈ ਮੀਟਰ ਟੈੱਸਟ ਚਾਰਜ ਜਿਹੜੇ ਟੈੱਸਟ ਕਰਨ ਲਈ ਮੈਜ਼ਰਮੈਂਟ ਕੈਨੇਡਾ ਨੂੰ ਭੇਜੇ ਜਾਂਦੇ ਹਨ ਅਤੇ ਸਹੀ ਪਾਏ ਜਾਂਦੇ ਹਨ $181.00
ਫੇਲ੍ਹ ਹੋਈ (ਮੀਟਰ) ਇਨਸਟਾਲੇਸ਼ਨ ਚਾਰਜ $65.00
ਸਰਵਿਸ ਕੋਨੈਕਸ਼ਨ ਕਾਲ-ਬੈਕ ਚਾਰਜ (ਜ਼ੋਨ 1) $368.00
ਟ੍ਰਾਂਸਫਰਮਰ ਕਿਰਾਏ `ਤੇ ਦੇਣ ਦਾ ਚਾਰਜ ਬਦਲੀ ਦੀ ਕੀਮਤ ਦਾ ਪ੍ਰਤੀ ਸਾਲ 17 ਪ੍ਰਤੀਸ਼ਤ (ਬਿਲ ਮਹੀਨੇ ਬਾਅਦ ਭੇਜਿਆ ਜਾਂਦਾ ਹੈ)
ਨੈੱਟ ਮੀਟਰਿੰਗ ਸਾਈਟ ਅਕਸੈਪਟੈਂਸ ਵੈਰੀਫੀਕੇਸ਼ਨ ਫੀ (5ਕੇ ਡਬਲਯੂ ਤੋਂ ਉਪਰਲੇ ਜਨਰੇਟਰ) ਬੀ ਸੀ ਹਾਈਡਰੋ ਦੀ ਅਸਲੀ ਲਾਗਤ ਵੱਧ ਤੋਂ ਵੱਧ $600.00 ਹੈ
ਲੇਟ ਪੇਮੈਂਟ ਚਾਰਜ $1.5 ਪ੍ਰਤੀਸ਼ਤ ਪ੍ਰਤੀ ਮਹੀਨਾ (ਸਲਾਨਾ 19.6 ਪ੍ਰਤੀਸ਼ਤ ਦੇ ਬਰਾਬਰ, ਮਹੀਨੇਵਾਰ ਜੋੜਿਆ ਜਾਂਦਾ ਹੈ)


ਮੀਟਰ ਦੀਆਂ ਚੋਣਾਂ ਦੇ ਪ੍ਰੋਗਰਾਮ

ਰੇਡੀਓ-ਔਫ ਮੀਟਰ
ਲਗਾਉਣ ਦਾ ਚਾਰਜ (ਮੌਜੂਦਾ ਲੈਗੇਸੀ ਮੀਟਰ ਤੋਂ) $22.60
ਲਗਾਉਣ ਦਾ ਚਾਰਜ (ਮੌਜੂਦਾ ਸਮਾਰਟ ਮੀਟਰ ਤੋਂ) $77.60
ਮੀਟਰ ਲਾਹੁਣ ਦਾ ਚਾਰਜ $55.00
ਮਹੀਨਾਵਾਰ ਫੀਸ $20.00 ਪ੍ਰਤੀ ਮਹੀਨਾ
ਲੈਗੇਸੀ ਮੀਟਰ
ਮਹੀਨਾਵਾਰ ਫੀਸ $32.40 ਪ੍ਰਤੀ ਮਹੀਨਾ


ਤੁਹਾਡੇ ਬੀ ਸੀ ਹਾਈਡਰੋ ਦੇ ਬਿਲ ਉੱਪਰ ਕੁਝ ਟੈਕਸ ਅਤੇ ਲੇਵੀਜ਼ ਲੱਗਦੇ ਹਨ:

5 ਪ੍ਰਤੀਸ਼ਤ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ ਐੱਸ ਟੀ)

ਬਿਜਲੀ ਦੇ ਚਾਰਜਾਂ `ਤੇ ਸਾਰੇ ਗਾਹਕਾਂ ਨੂੰ ਜੀ ਸੀ ਟੀ ਦੇਣੀ ਪੈਂਦੀ ਹੈ, ਸਿਰਫ ਫਸਟ ਨੇਸ਼ਨਜ਼ ਦੇ ਕੁਝ ਖਾਸ ਗਾਹਕਾਂ ਨੂੰ ਹੀ ਛੋਟ ਹੈ।

ਸੂਬਾਈ ਸੇਲਜ਼ ਟੈਕਸ (ਪੀ ਐੱਸ ਟੀ)

ਬਿਜਲੀ ਦੇ ਚਾਰਜਾਂ ਉੱਪਰ ਪੀ ਐੱਸ ਟੀ ਦੀ ਛੋਟ ਆਪਣੇ ਆਪ ਹੀ ਰਿਹਾਇਸ਼ੀ ਗਾਹਕਾਂ ਨੂੰ ਮਿਲਦੀ ਹੈ।

ਬਿਜ਼ਨਸ ਗਾਹਕਾਂ ਲਈ, 1 ਅਪਰੈਲ, 2019 ਤੋਂ ਬਿਜਲੀ ਦੇ ਚਾਰਜਾਂ `ਤੇ ਹੁਣ ਪੀ ਐੱਸ ਟੀ ਨਹੀਂ ਲੱਗ ਰਹੀ।

ਰੀਜਨਲ ਟ੍ਰਾਂਜ਼ਿਟ ਲੇਵੀ

ਰੀਜਨਲ ਟ੍ਰਾਂਜ਼ਿਟ ਲੇਵੀ ਪੌਵਰ ਲੇਵੀ ਬਾਈਲਾਅ ਰਾਹੀਂ ਲਗਾਈ ਜਾਂਦੀ ਹੈ ਅਤੇ ਇਹ ਮੈਟਰੋ ਵੈਨਕੂਵਰ ਏਰੀਏ ਵਿਚਲੇ ਟ੍ਰਾਂਸਲਿੰਕ ਦੀ ਸਰਵਿਸ ਵਾਲੇ ਖੇਤਰ ਵਿਚ ਸਾਰੇ ਰਿਹਾਇਸ਼ੀ ਅਕਾਊਂਟਾਂ ਉੱਪਰ ਲਾਗੂ ਕੀਤੀ ਜਾਂਦੀ ਹੈ। ਪੌਵਰ ਲੇਵੀ ਬਾਈਲਾਅ ਬਾਰੇ ਜ਼ਿਆਦਾ ਜਾਣੋ।

ਫਸਟ ਨੇਸ਼ਨਜ਼ ਦੇ ਗਾਹਕ

ਕੁਝ ਫਸਟ ਨੇਸ਼ਨਜ਼ ਗਾਹਕ ਜੀ ਐੱਸ ਟੀ ਤੋਂ ਛੋਟ ਲਈ ਯੋਗ ਹੋ ਸਕਦੇ ਹਨ।

  • ਉਹ ਰਿਹਾਇਸ਼ੀ ਗਾਹਕ ਜਿਹੜੇ ਕਿਸੇ ਰੀਜ਼ਰਵ ਉੱਪਰ ਰਹਿੰਦੇ ਹਨ ਅਤੇ ਜਿਨ੍ਹਾਂ ਕੋਲ ਸਰਟੀਫਿਕੇਟ ਔਫ ਇੰਡੀਅਨ ਸਟੇਟੱਸ ਕਾਰਡ ਹੈ।
  • ਕਿਸੇ ਰੀਜ਼ਰਵ ਉੱਪਰ ਸਰਵਿਸ ਲੈ ਰਹੇ ਫਸਟ ਨੇਸ਼ਨਜ਼ ਬੈਂਡਜ਼, ਟ੍ਰਾਈਬਲ ਕੌਂਸਲਜ਼ ਜਾਂ ਬੈਂਡ ਵਲੋਂ ਅਧਿਕਾਰਤ ਸੰਸਥਾਵਾਂ ਅਤੇ ਜਿਨ੍ਹਾਂ ਕੋਲ ਛੋਟ ਦਾ ਸਰਟੀਫਿਕੇਟ ਹੈ।

ਸਾਡੇ ਤੋਂ ਜੀ ਐੱਸ ਟੀ ਉਗਰਾਹੁਣ ਦੀ ਮੰਗ ਕੀਤੀ ਜਾਂਦੀ ਹੈ ਜੇ ਫਸਟ ਨੇਸ਼ਨਜ਼ ਨੇ ਆਪਣੀਆਂ ਰੀਜ਼ਰਵ ਜ਼ਮੀਨਾਂ ਉੱਪਰ ਫਸਟ ਨੇਸ਼ਨਜ਼ ਜੀ ਐੱਸ ਟੀ ਲਾਗੂ ਕੀਤੀ ਹੋਈ ਹੈ।

ਇਹ ਪੱਕਾ ਕਰਨ ਲਈ ਕਿ ਸਹੀ ਟੈਕਸ ਚਾਰਜ ਕੀਤੇ ਜਾ ਰਹੇ ਹਨ, ਕਿਰਪਾ ਕਰਕੇ ਆਪਣੇ ਖਾਤੇ ਦੇ ਰਿਵੀਊ ਲਈ ਸਾਨੂੰ 1 800 BCHYDRO (1 800 224 9376) `ਤੇ ਫੋਨ ਕਰੋ।

ਜੇ ਤੁਸੀਂ ਘਰ ਤੋਂ ਕੋਈ ਬਿਜ਼ਨਸ, ਬੈੱਡ ਐਂਡ ਬਰੇਕਫਾਸਟ ਰਿਹਾਇਸ਼ ਚਲਾਉਂਦੇ ਹੋ ਜਾਂ ਆਪਣੀ ਰਿਹਾਇਸ਼ ਤੋਂ ਕੋਈ ਹੋਰ ਵਪਾਰਕ ਸਰਗਰਮੀ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਬਿਜਲੀ ਦੇ ਚਾਰਜਾਂ ਉੱਪਰ ਪੀ ਐੱਸ ਟੀ ਦੇਣ ਦੀ ਲੋੜ ਪੈਂਦੀ ਸੀ। ਪੀ ਐੱਸ ਟੀ ਦਾ ਕੁਝ ਹਿੱਸਾ ਬੀ ਸੀ ਮਨਿਸਟਰੀ ਔਫ ਫਾਇਨੈਂਸ ਤੋਂ ਵਾਪਸ ਮਿਲ ਸਕਦਾ ਹੈ। ਬਿਜ਼ਨਸ ਵਾਲੇ ਗਾਹਕਾਂ ਨੂੰ 1 ਅਪਰੈਲ, 2019 ਤੋਂ ਬਿਜਲੀ ਦੇ ਚਾਰਜਾਂ ਉੱਪਰ ਪੀ ਐੱਸ ਟੀ ਤੋਂ ਛੋਟ ਦੇ ਦਿੱਤੀ ਗਈ ਹੈ।

ਸਕਿਉਰਟੀ ਡਿਪਾਜ਼ਿਟ

ਸਕਿਉਰਟੀ ਡਿਪਾਜ਼ਿਟ ਉਨ੍ਹਾਂ ਨੁਕਸਾਨਾਂ ਅਤੇ ਖਰਚਿਆਂ ਨੂੰ ਸੀਮਤ ਕਰਨ ਦਾ ਇਕ ਤਰੀਕਾ ਹੈ ਜਿਹੜੇ ਉਦੋਂ ਹੁੰਦੇ ਹਨ ਜਦੋਂ ਗਾਹਕ ਆਪਣੇ ਬਿਲ ਨਹੀਂ ਦਿੰਦੇ।

ਇਕ ਨਵੇਂ ਗਾਹਕ ਵਜੋਂ ਜਾਂ ਇਕ ਅਜਿਹੇ ਗਾਹਕ ਵਜੋਂ ਜਿਸ ਨੇ ਆਪਣੀ ਚੰਗੀ ਪੇਮੈਂਟ ਦੀ ਹਿਸਟਰੀ ਕਾਇਮ ਨਹੀਂ ਰੱਖੀ ਹੈ, ਤੁਹਾਡੇ ਤੋਂ ਸਕਿਉਰਟੀ ਡਿਪਾਜ਼ਿਟ ਲਿਆ ਜਾ ਸਕਦਾ ਹੈ।

ਕੁਝ ਬਦਲ ਹਨ ਜਿਹੜੇ ਤੁਹਾਨੂੰ ਸਕਿਉਰਟੀ ਡਿਪਾਜ਼ਿਟ ਦੀ ਮੰਗ ਤੋਂ ਛੋਟ ਦਿਵਾ ਸਕਦੇ ਹਨ:

ਕਰੈਡਿਟ ਬਿਊਰੋ ਦੀ ਰਿਪੋਰਟ – ਤੁਹਾਡੇ ਕਰੈਡਿਟ ਦੀ ਉੱਤਮਤਾ ਦੀ ਤਸਦੀਕ ਕੀਤੇ ਜਾਣ ਲਈ ਸਾਨੂੰ ਕਰੈਡਿਟ ਬਿਊਰੋ ਤੋਂ ਤੁਹਾਡੀ ਰਿਪੋਰਟ ਲੈਣ ਦੀ ਆਗਿਆ ਦਿਉ। ਜੇ ਤੁਹਾਡੇ ਕਰੈਡਿਟ ਦੀ ਰਿਪੋਰਟ ਚੰਗੀ ਕਰੈਡਿਟ ਹਿਸਟਰੀ ਦਿਖਾਉਂਦੀ ਹੋਵੇ ਤਾਂ ਅਸੀਂ ਤੁਹਾਨੂੰ ਸਕਿਉਰਟੀ ਡਿਪਾਜ਼ਿਟ ਤੋਂ ਛੋਟ ਦੇ ਸਕਦੇ ਹਾਂ।

ਰੈਫਰੈਂਸ ਲੈਟਰ (ਚਿੱਠੀ) – ਕਿਸੇ ਹੋਰ ਯੂਟਿਲਟੀ ਤੋਂ ਕਰੈਡਿਟ ਰੈਫਰੈਂਸ ਲੈਟਰ ਦੀ ਕਾਪੀ ਦਿਉ, ਜਿਵੇਂ ਕਿ ਕਰੈਡਿਟ ਦੀ ਉੱਤਮਤਾ ਦੀ ਤਸਦੀਕ ਕਰਨ ਵਾਲੀ ਕਿਸੇ ਹੋਰ ਸੂਬੇ ਤੋਂ।

ਖਾਤੇ ਦੀ ਗਰੰਟੀ – ਜੇ ਤੁਸੀਂ ਰਿਹਾਇਸ਼ੀ ਗਾਹਕ ਹੋ, ਤਾਂ ਤੁਸੀਂ ਬੀ ਸੀ ਹਾਈਡਰੋ ਦੇ ਕਿਸੇ ਹੋਰ ਗਾਹਕ ਤੋਂ ਆਪਣੇ ਖਾਤੇ ਦੀ ਗਰੰਟੀ ਦਿਵਾ ਸਕਦੇ ਹੋ। ਜੇ ਖਾਤੇ ਦੇ ਬੰਦ ਹੋ ਜਾਣ ਤੋਂ ਬਾਅਦ ਕੋਈ ਬਕਾਇਆ ਰਹਿੰਦਾ ਹੋਵੇ ਤਾਂ ਗਰੰਟੀ ਦੇਣ ਵਾਲਾ ਸਕਿਉਰਟੀ ਡਿਪਾਜ਼ਿਟ ਦੀ ਰਕਮ ਦੇ ਬਰਾਬਰ ਦੀ ਰਕਮ ਅਦਾ ਕਰੇਗਾ। ਬੀ ਸੀ ਹਾਈਡਰੋ ਦਾ ਖਾਤਾ ਗਰੰਟੀ ਫਾਰਮ ਦਰਜ ਕਰਵਾਉ {ਪੀ ਡੀ ਐੱਫ 58 ਕੇ ਬੀ}।

ਪੇਅ ਐਜ਼ ਯੂ ਗੋ ਪਲੈਨ – ਜੇ ਤੁਸੀਂ ਰਿਹਾਇਸ਼ੀ ਗਾਹਕ ਹੋ ਤਾਂ ਤੁਸੀਂ ਪੇਅ ਐਜ਼ ਯੂ ਗੋ ਪਲੈਨ (ਯੋਜਨਾ ਦੇ ਅਨੁਸਾਰ ਭੁਗਤਾਨ ਕਰੋ) ਦੀ ਚੋਣ ਕਰ ਸਕਦੇ ਹੋ। ਬਿਲ ਪੱਕੀਆਂ ਮਹੀਨਾਵਾਰ ਕਿਸ਼ਤਾਂ ਜਮ੍ਹਾਂ ਇਕ ਮੁਢਲੀ ਪੇਮੈਂਟ (ਜੋ ਕਿ ਅਡਵਾਂਸ ਲਈ ਜਾਂਦੀ ਹੈ) ਦੇ ਆਧਾਰ `ਤੇ ਹੁੰਦਾ ਹੈ। ਇਸ ਮੁਢਲੀ ਪੇਮੈਂਟ ਦਾ ਹਿਸਾਬ, ਤੁਹਾਡੇ ਸਥਾਨ `ਤੇ ਪਿਛਲੇ 12 ਮਹੀਨਿਆਂ ਲਈ ਬਿਜਲੀ ਦੀ ਵਰਤੋਂ ਦੇ ਔਸਤ ਖਰਚੇ ਦੇ ਆਧਾਰ `ਤੇ ਲਗਾਇਆ ਜਾਂਦਾ ਹੈ।

ਜਿਨ੍ਹਾਂ ਗਾਹਕਾਂ ਦੇ ਬਿਲ ਸਿੱਧੇ ਬੀ ਸੀ ਸੂਬੇ ਦੀ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਸੋਸ਼ਲ ਇਨੋਵੇਸ਼ਨ (ਐੱਮ ਐੱਸ ਡੀ ਐੱਸ ਆਈ) ਵਲੋਂ ਦਿੱਤੇ ਜਾਂਦੇ ਹਨ, ਉਨ੍ਹਾਂ ਤੋਂ ਸਕਿਉਰਟੀ ਡਿਪਾਜ਼ਿਟ ਦੇਣ ਦੀ ਮੰਗ ਨਹੀਂ ਕੀਤੀ ਜਾਂਦੀ।

ਅਸੀਂ ਡਿਪਾਜ਼ਿਟ ਦੀ ਰਕਮ ਦਾ ਹਿਸਾਬ, ਪ੍ਰਾਪਰਟੀ `ਤੇ ਪਿਛਲੇ ਸਮੇਂ ਵਿਚ ਬਿਜਲੀ ਦੀ ਵਰਤੋਂ ਅਤੇ ਇਸ ਆਧਾਰ `ਤੇ ਲਗਾਉਂਦੇ ਹਾਂ ਕਿ ਤੁਹਾਨੂੰ ਬਿਲ ਕਿੰਨੀ ਵਾਰੀ ਮਿਲਦਾ ਹੈ।

ਬਿਲ ਦੇਣ ਦਾ ਸਮਾਂ ਸਕਿਉਰਟੀ ਡਿਪਾਜ਼ਿਟ
ਦੋ ਮਹੀਨਿਆਂ ਬਾਅਦ ਸਕਿਉਰਟੀ ਡਿਪਾਜ਼ਿਟ ਦੀ ਰਕਮ, ਬਿਜਲੀ ਦੀ ਅਸਲੀ ਵਰਤੋਂ `ਤੇ ਆਧਾਰਿਤ ਅੰਦਾਜ਼ਨ ਔਸਤ ਮਹੀਨਾਵਾਰ ਰਕਮ ਦੀ ਤਿੰਨ ਗੁਣਾ (3X) ਤੱਕ ਹੈ
ਮਹੀਨੇ ਬਾਅਦ ਸਕਿਉਰਟੀ ਡਿਪਾਜ਼ਿਟ ਦੀ ਰਕਮ, ਬਿਜਲੀ ਦੀ ਅਸਲੀ ਵਰਤੋਂ `ਤੇ ਆਧਾਰਿਤ ਅੰਦਾਜ਼ਨ ਔਸਤ ਮਹੀਨਾਵਾਰ ਬਿਲ ਦੀ ਦੁੱਗਣੀ (2X) ਤੱਕ ਹੈ


ਤੁਹਾਨੂੰ ਸਕਿਉਰਟੀ ਡਿਪਾਜ਼ਿਟ ਉੱਪਰ ਵਿਆਜ ਮਿਲੇਗਾ, ਜੋ ਕਿ ਹਰ ਬਿਲ ਵਿਚ ਤੁਹਾਡੇ ਖਾਤੇ ਵਿਚ ਕਰੈਡਿਟ ਦੇ ਤੌਰ `ਤੇ ਦਿੱਤਾ ਜਾਵੇਗਾ। ਵਿਆਜ ਦੀ ਆਮਦਨ ਤੁਹਾਡੀ ਟੈਕਸ ਰਿਟਰਨ `ਤੇ ਕੈਨੇਡਾ ਰੈਵੇਨਿਊ ਏਜੰਸੀ ਨੂੰ ਰਿਪੋਰਟ ਕਰਨ ਯੋਗ ਹੈ। ਜੇ ਵਿਆਜ ਦਾ ਕਰੈਡਿਟ ਤੁਹਾਡੇ ਖਾਤੇ ਵਿਚ $50 ਨਾਲੋਂ ਜ਼ਿਆਦਾ ਹੁੰਦਾ ਹੈ ਤਾਂ ਅਸੀਂ ਫਰਵਰੀ ਦੇ ਅੰਤ `ਤੇ ਤੁਹਾਨੂੰ ਟੀ 5 ਭੇਜਾਂਗੇ।

ਚੰਗੀ ਪੇਮੈਂਟ ਹਿਸਟਰੀ ਦੇ ਦੋ ਸਾਲਾਂ ਬਾਅਦ ਸਕਿਉਰਟੀ ਡਿਪਾਜ਼ਿਟ ਤੁਹਾਨੂੰ ਵਾਪਸ ਕੀਤਾ ਜਾ ਸਕਦਾ ਹੈ।

ਆਪਣਾ ਬਿਲ ਦੇਣਾ

ਬਿਲ ਭੇਜਣ ਦੀ ਤਾਰੀਕ ਤੋਂ ਬਾਅਦ ਤੁਹਾਡੇ ਬਿਲ ਦੀ ਪੂਰੀ ਰਕਮ ਦੀ ਪੇਮੈਂਟ 21 ਦਿਨਾਂ ਦੇ ਵਿਚ ਵਿਚ ਕਰਨਾ ਜ਼ਰੂਰੀ ਹੈ। ਭੁਗਤਾਨ ਕਰਨ ਦੀ ਤਾਰੀਕ ਤੋਂ ਬਾਅਦ ਰਹਿੰਦੇ ਕਿਸੇ ਵੀ ਬਕਾਏ ਉੱਪਰ ਲੇਟ ਪੇਮੈਂਟ ਚਾਰਜ ਲੱਗ ਸਕਦੇ ਹਨ। ਇਹ ਲਾਗੂ ਹੁੰਦਾ ਹੈ ਭਾਵੇਂ ਬਕਾਇਆ ਰਕਮ ਮੀਟਰ ਦੀ ਅੰਦਾਜ਼ਨ ਰੀਡਿੰਗ `ਤੇ ਹੀ ਆਧਾਰਿਤ ਕਿਉਂ ਨਾ ਹੋਵੇ, ਜਾਂ ਗੈਰ-ਬਿਜਲੀ ਚਾਰਜਾਂ ਜਾਂ ਸਕਿਉਰਟੀ ਡਿਪਾਜ਼ਿਟਾਂ ਲਈ ਹੋਵੇ।

ਆਪਣਾ ਬਿੱਲ ਦੇਣ ਦੇ ਤਰੀਕਿਆਂ ਬਾਰੇ ਜ਼ਿਆਦਾ ਜਾਣੋ

ਤੁਸੀਂ ਇਕੋ ਜਿਹੀ ਪੇਮੈਂਟ ਦੀ ਪਲੈਨ ਸੈੱਟ ਕਰਨ ਦੀ ਚੋਣ ਕਰ ਸਕਦੇ ਹੋ, ਤਾਂ ਜੋ ਤੁਸੀਂ ਸਾਲ ਭਰ ਹਰ ਮਹੀਨੇ ਇਕੋ ਜਿਹੀਆਂ ਪੇਮੈਂਟਾਂ ਕਰ ਸਕੋ। ਕੁਝ ਗਾਹਕਾਂ ਨੂੰ ਇਹ ਆਪਣਾ ਬਜਟ ਬਣਾਉਣ ਵਿਚ ਮਦਦ ਕਰਨ ਵਾਲਾ ਲੱਗ ਸਕਦਾ ਹੈ।

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  • ਪੇਮੈਂਟ ਦੀ ਰਕਮ ਜਿਹੜੀ ਤੁਸੀਂ ਹਰ ਮਹੀਨੇ ਦਿੰਦੇ ਹੋ, ਉਸ ਦਾ ਹਿਸਾਬ ਪਿਛਲੇ 12 ਮਹੀਨਿਆਂ ਵਿਚ ਬਿਜਲੀ ਦੀ ਕੁੱਲ ਵਰਤੋਂ ਨੂੰ 12 ਨਾਲ ਤਕਸੀਮ ਕਰਕੇ ਲਗਾਇਆ ਜਾਂਦਾ ਹੈ।
  • ਅਸੀਂ ਹਰ ਚਾਰ ਮਹੀਨਿਆਂ ਬਾਅਦ ਪੇਮੈਂਟ ਦੀ ਰਕਮ `ਤੇ ਵਿਚਾਰ ਕਰਾਂਗੇ ਤਾਂ ਜੋ ਇਹ ਪੱਕਾ ਹੋਵੇ ਕਿ ਰਕਮ ਬਿਜਲੀ ਦੀ ਵਰਤੋਂ ਦੇ ਬਰਾਬਰ ਹੈ ਅਤੇ ਜੇ ਲੋੜ ਹੋਵੇ ਤਾਂ ਰਕਮ ਨੂੰ ਅਡਜਸਟ ਕਰਾਂਗੇ।
  • 12 ਵੇਂ ਮਹੀਨੇ ਵਿਚ, ਜਿਸ ਨੂੰ ਇਕੋ ਜਿਹੀ ਪੇਮੈਂਟ ਦੀ ਪਲੈਨ ਦੀ ਵਰ੍ਹੇ ਗੰਢ ਦੀ ਤਾਰੀਕ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ, ਤੁਹਾਨੂੰ ਤੁਹਾਡੀ ਰੈਗੂਲਰ ਪੇਮੈਂਟ ਦੀ ਰਕਮ ਦਾ ਬਿਲ ਭੇਜਿਆ ਜਾਵੇਗਾ। ਇਸ ਦੇ ਇਲਾਵਾ, ਅਸੀਂ ਪਿਛਲੇ 11 ਮਹੀਨਿਆਂ ਵਿਚ ਤੁਹਾਨੂੰ ਭੇਜੇ ਗਏ ਬਿਲਾਂ ਦੀ ਰਕਮ ਦੀ ਸਾਲ ਲਈ ਬਿਜਲੀ ਦੀ ਅਸਲੀ ਵਰਤੋਂ ਨਾਲ ਤੁਲਨਾ ਕਰਦੇ ਹਾਂ।
    • ਜੇ ਤੁਸੀਂ ਭੇਜੇ ਗਏ ਬਿੱਲਾਂ ਨਾਲੋਂ ਘੱਟ ਬਿਜਲੀ ਵਰਤੀ ਹੋਵੇ ਤਾਂ ਤੁਹਾਨੂੰ ਇਸ ਦੇ ਫਰਕ ਦਾ ਕਰੈਡਿਟ ਮਿਲੇਗਾ।
    • ਜੇ ਤੁਸੀਂ ਭੇਜੇ ਗਏ ਬਿੱਲਾਂ ਨਾਲੋਂ ਜ਼ਿਆਦਾ ਬਿਜਲੀ ਵਰਤੀ ਹੋਵੇ ਤਾਂ ਤੁਹਾਨੂੰ ਇਸ ਦੇ ਫਰਕ ਦਾ ਬਿਲ ਭੇਜਿਆ ਜਾਵੇਗਾ।
  • ਹਰ ਮਹੀਨੇ ਤੁਹਾਡੇ ਬਿਲ ਵਿਚ ਤੁਹਾਡੇ ਵਲੋਂ ਹੁਣ ਤੱਕ ਵਰਤੀ ਗਈ ਬਿਜਲੀ, ਤੁਹਾਨੂੰ ਭੇਜੇ ਗਏ ਕੁਲ ਬਿਲ, ਅਤੇ ਤੁਹਾਡੀ ਵਰ੍ਹੇ ਗੰਢ ਦੀ ਤਾਰੀਕ ਸ਼ਾਮਲ ਹੋਵੇਗੀ ਤਾਂ ਜੋ ਤੁਸੀਂ ਹਿਸਾਬ ਰੱਖ ਸਕੋ।

ਜੇ ਤੁਸੀਂ ਬਿਲ ਦੇਣ ਦੀ ਤਾਰੀਕ ਤੱਕ ਆਪਣਾ ਪੂਰਾ ਬਿਲ ਦੇਣ ਦੇ ਅਯੋਗ ਹੋਵੋ ਜਾਂ ਸਿਰਫ ਥੋੜ੍ਹੀ ਪੇਮੈਂਟ ਹੀ ਕਰ ਸਕਦੇ ਹੋਵੋ ਤਾਂ ਸਾਡੇ ਕੋਲ ਦੋ ਚੋਣਾਂ ਹਨ ਜਿਹੜੀਆਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਡੈਫਰ ਏ ਪੇਮੈਂਟ (ਭੁਗਤਾਨ ਮੁਲਤਵੀ) ਪੇਮੈਂਟ ਦੀ ਪਲੈਨ ਬਣਾਉਣਾ

ਜੇ ਤੁਸੀਂ ਰਿਹਾਇਸ਼ੀ ਗਾਹਕ ਹੋ ਤਾਂ ਇਕ ਵਾਰੀ ਆਪਣਾ ਬਿਲ ਦੇਣ ਦੀ ਤਾਰੀਕ ਵਧਾਉਣ ਲਈ ਆਪਣੇ ਮਾਈਹਾਈਡਰੋ ਖਾਤੇ ਨੂੰ ਲੌਗ ਇਨ ਕਰੋ ਜਾਂ ਸਾਨੂੰ 1 800 BCHYDRO (1 800 224 9376) `ਤੇ ਫੋਨ ਕਰੋ।

ਜੇ ਤੁਸੀਂ ਆਪਣੀ ਪੇਮੈਂਟ ਪਿੱਛੇ ਪਾਉਂਦੇ ਹੋ ਤਾਂ ਤੁਹਾਡੇ ਖਾਤੇ `ਤੇ ਅਜੇ ਵੀ ਲੇਟ ਪੇਮੈਂਟ ਦੇ ਚਾਰਜ ਲੱਗਣਗੇ।

ਆਪਣਾ ਰਹਿੰਦਾ ਬਕਾਇਆ ਕਿਸ਼ਤਾਂ ਵਿਚ ਦੇਣ ਲਈ ਪੇਮੈਂਟ ਦੀ ਪਲੈਨ ਬਣਾਉਣ ਬਾਰੇ ਗੱਲ ਕਰਨ ਲਈ ਸਾਨੂੰ 1 800 BCHYDRO (1 800 224 9376) `ਤੇ ਫੋਨ ਕਰੋ।

ਜੇ ਤੁਸੀਂ ਕਿਸ਼ਤਾਂ ਵਿਚ ਪੇਮੈਂਟ ਦੀ ਪਲੈਨ ਬਣਾਉਂਦੇ ਹੋ ਤਾਂ ਤੁਹਾਡੇ ਖਾਤੇ ਉੱਪਰ ਲੇਟ ਪੇਮੈਂਟ ਦੇ ਚਾਰਜ ਨਹੀਂ ਲੱਗਣਗੇ।

ਜੇ ਤੁਸੀਂ ਕਿਸ਼ਤਾਂ ਵਿਚ ਪੇਮੈਂਟ ਦੀ ਪਲੈਨ `ਤੇ ਕੋਈ ਪੇਮੈਂਟ ਦੇਣ ਤੋਂ ਖੁੰਝ ਜਾਂਦੇ ਹੋ ਤਾਂ ਤੁਹਾਡੇ ਵੱਲ ਰਹਿੰਦੀ ਪੂਰੀ ਰਕਮ ਫੌਰਨ ਦੇਣਯੋਗ ਹੈ, ਅਤੇ ਲੇਟ ਪੇਮੈਂਟ ਦੇ ਚਾਰਜ ਬਿਲ ਦੇਣ ਦੀ ਅਸਲੀ ਤਾਰੀਕ ਤੋਂ ਲਾਗੂ ਹੋਣਗੇ।



ਪੇਮੈਂਟ ਦੇ ਪ੍ਰਬੰਧ ਲਈ ਯੋਗ ਹੋਣ ਲਈ, ਤੁਹਾਡਾ ਖਾਤਾ ਚੰਗੀ ਹਾਲਤ ਵਿਚ ਹੋਣ ਦੀ ਲੋੜ ਹੈ ਅਤੇ ਤੁਹਾਨੂੰ ਬੀਤੇ ਸਮੇਂ ਵਿਚ ਪੇਮੈਂਟ ਦੇ ਕੀਤੇ ਗਏ ਉਨ੍ਹਾਂ ਪ੍ਰਬੰਧਾਂ `ਤੇ ਖਰੇ ਉਤਰਨ ਦੀ ਲੋੜ ਹੈ ਜਿਹੜੇ ਤੁਸੀਂ ਸਾਡੇ ਨਾਲ ਕੀਤੇ ਸਨ।

ਜੇ ਤੁਸੀਂ ਬਿਲ ਦੇਣ ਦੀ ਤਾਰੀਕ ਤੱਕ ਆਪਣਾ ਬਿਲ ਦੇਣ ਦੇ ਯੋਗ ਨਾ ਹੋਵੋ ਤਾਂ ਫੌਰਨ ਸਾਡੇ ਨਾਲ ਸੰਪਰਕ ਕਰੋ। ਜੇ ਤੁਹਾਡਾ ਖਾਤਾ ਦੇਣ ਯੋਗ ਰਹਿੰਦਾ ਹੈ ਅਤੇ ਤੁਸੀਂ ਸਾਡੇ ਨਾਲ ਸੰਪਰਕ ਨਹੀਂ ਕਰਦੇ ਤਾਂ ਤੁਹਾਡੇ ਉੱਪਰ ਉਗਰਾਹੀ ਦੀ ਕਾਰਵਾਈ ਹੋ ਸਕਦੀ ਹੈ, ਜਿਸ ਵਿਚ ਤੁਹਾਡੀ ਸਰਵਿਸ ਨੂੰ ਕੱਟਣਾ ਸ਼ਾਮਲ ਹੋ ਸਕਦਾ ਹੈ।

ਪੇਮੈਂਟ ਦੇ ਕਈ ਹੋਰ ਪ੍ਰੋਗਰਾਮ ਉਪਲਬਧ ਹਨ ਜਿਹੜੇ ਮਦਦ ਕਰ ਸਕਦੇ ਹਨ।

ਲੇਟ ਪੇਮੈਂਟਾਂ ਅਤੇ ਕੋਨੈਕਸ਼ਨ ਕੱਟਣਾ

ਲੇਟ ਪੇਮੈਂਟ ਚਾਰਜ

ਤੁਹਾਡੇ ਬਿਲ `ਤੇ ਬਕਾਇਆ ਪੂਰੀ ਰਕਮ ਬਿਲ ਭੇਜਣ ਦੀ ਤਾਰੀਕ ਤੋਂ ਬਾਅਦ 21 ਦਿਨਾਂ ਦੇ ਵਿਚ ਵਿਚ ਦੇਣਯੋਗ ਹੈ।

ਜੇ ਤੁਹਾਡਾ ਭੁਗਤਾਨ ਨਾ ਕੀਤਾ ਬਕਾਇਆ $30 ਤੋਂ ਉੱਪਰ ਹੋਵੇ ਤਾਂ ਤੁਹਾਡੇ ਸਾਰੇ ਰਹਿੰਦੇ ਬਕਾਏ ਦਾ 1.5 ਪ੍ਰਤੀਸ਼ਤ ਪ੍ਰਤੀ ਮਹੀਨਾ (19.56 ਪ੍ਰਤੀਸ਼ਤ ਪ੍ਰਤੀ ਸਾਲ) ਤੁਹਾਡੇ ਖਾਤੇ ਵਿਚ ਜੋੜ ਦਿੱਤਾ ਜਾਵੇਗਾ। ਪੇਮੈਂਟ ਦੀ ਪ੍ਰੋਸੈਸਿੰਗ ਲਈ ਸਮਾਂ ਦੇਣ ਲਈ, ਲੇਟ ਪੇਮੈਂਟ ਦੇ ਅਨੁਮਾਨ ਦਾ ਚਾਰਜ ਬਿਲ ਦੀ ਤਾਰੀਕ ਤੋਂ ਬਾਅਦ 30 ਦਿਨਾਂ ਤੱਕ ਨਹੀਂ ਲੱਗਦਾ।

ਜਦੋਂ ਗਾਹਕ ਆਪਣੇ ਬਿਲ ਸਮੇਂ ਸਿਰ ਨਹੀਂ ਦਿੰਦੇ ਤਾਂ ਸਾਨੂੰ ਪੇਮੈਂਟ ਦੀਆਂ ਇਤਲਾਹਾਂ, ਲੇਟ ਹੋਈ ਆਮਦਨ, ਅਤੇ ਉਗਰਾਹੀ ਦੀ ਕਾਰਵਾਈ ਵਰਗੀਆਂ ਚੀਜ਼ਾਂ ਲਈ ਵਾਧੂ ਖਰਚੇ ਦੇਣੇ ਪੈਂਦੇ ਹਨ। ਲੇਟ ਪੇਮੈਂਟ ਦੇ ਚਾਰਜ ਇਨ੍ਹਾਂ ਵਿੱਚੋਂ ਕੁਝ ਖਰਚੇ ਵਸੂਲ ਕਰਨ ਵਿਚ ਸਾਡੀ ਮਦਦ ਕਰਦੇ ਹਨ।

ਆਪਣੇ ਖਾਤੇ ਨੂੰ ਅਪ ਟੂ ਡੇਟ ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਜੇ ਬਿਲ ਦੇਣ ਦੀ ਤਾਰੀਕ ਤੱਕ ਪੂਰਾ ਬਿਲ ਨਹੀਂ ਦਿੱਤਾ ਜਾਂਦਾ, ਤੁਹਾਡੇ ਖਾਤੇ ਦੀ ਪੇਮੈਂਟ ਬਕਾਇਆ ਹੋ ਜਾਵੇਗੀ ਅਤੇ ਇਸ `ਤੇ ਲੇਟ ਪੇਮੈਂਟ ਦੇ ਚਾਰਜ ਲੱਗ ਸਕਦੇ ਹਨ ਅਤੇ ਕੋਨੈਕਸ਼ਨ ਕੱਟਿਆ ਜਾ ਸਕਦਾ ਹੈ।

ਜੇ ਤੁਹਾਡਾ ਖਾਤਾ ਪਿੱਛੇ ਪੈ ਜਾਂਦਾ ਹੈ ਤਾਂ ਅਸੀਂ ਲਿਖਤੀ ਰੂਪ ਵਿਚ ਜਾਂ ਟੈਲੀਫੋਨ `ਤੇ ਇਹ ਯਾਦ ਕਰਵਾਉਣ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ ਕਿ ਤੁਸੀਂ ਆਪਣਾ ਬਕਾਇਆ ਦੇ ਦਿਉ। ਜੇ ਬਕਾਇਆ ਰਹਿੰਦੇ ਪੈਸਿਆਂ ਦੀ ਪੂਰੀ ਪੇਮੈਂਟ ਨਹੀਂ ਹੁੰਦੀ ਅਤੇ ਤੁਹਾਡਾ ਖਾਤੇ ਦਾ ਬਕਾਇਆ ਜਾਰੀ ਰਹਿੰਦਾ ਹੈ ਤਾਂ ਕੋਨੈਕਸ਼ਨ ਕੱਟਣ ਦਾ ਫਾਈਨਲ ਨੋਟਿਸ ਭੇਜਿਆ ਜਾਵੇਗਾ। ਸਾਡੇ ਵਲੋਂ ਕੋਨੈਕਸ਼ਨ ਕੱਟਣ ਦੇ ਫਾਈਨਲ ਨੋਟਿਸ ਬਾਰੇ ਤੁਹਾਨੂੰ ਦੱਸਣ ਤੋਂ ਬਾਅਦ ਕੋਨੈਕਸ਼ਨ ਕਿਸੇ ਵੇਲੇ ਵੀ ਕੱਟੇ ਜਾ ਸਕਦੇ ਹਨ। ਜੇ ਬਕਾਇਆ ਰਹਿੰਦੀ ਰਕਮ ਦਾ ਅਜੇ ਵੀ ਭੁਗਤਾਨ ਨਹੀਂ ਹੁੰਦਾ ਤਾਂ ਅਸੀਂ ਤੁਹਾਡਾ ਖਾਤਾ ਕਿਸੇ ਕੋਲੈਕਸ਼ਨ ਏਜੰਸੀ ਨੂੰ ਦੇ ਸਕਦੇ ਹਾਂ।

ਅਕਾਊਂਟਾਂ ਦਾ ਕੋਨੈਕਸ਼ਨ ਸਿਰਫ ਤਾਂ ਹੀ ਕੱਟਿਆ ਜਾਂਦਾ ਹੈ ਜੇ ਬਕਾਇਆ ਰਕਮ $70 ਜਾਂ ਜ਼ਿਆਦਾ ਹੋਵੇ।

ਸਰਦੀਆਂ ਵਿਚ ਕੋਨੈਕਸ਼ਨ ਕੱਟਣ ਦੀਆਂ ਸਾਡੀਆਂ ਪਾਲਸੀਆਂ ਬਾਰੇ ਜ਼ਿਆਦਾ ਜਾਣੋ।

ਜੇ ਤੁਹਾਨੂੰ ਕੋਨੈਕਸ਼ਨ ਕੱਟਣ ਦਾ ਫਾਈਨਲ ਨੋਟਿਸ ਮਿਲਦਾ ਹੈ ਅਤੇ ਜੇ ਤੁਸੀਂ ਪੂਰੀ ਪੇਮੈਂਟ ਕਰ ਦਿੱਤੀ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਪੇਮੈਂਟ ਬਾਰੇ ਦੱਸੋ ਤਾਂ ਜੋ ਸਰਵਿਸ ਵਿਚ ਕਿਸੇ ਵੀ ਵਿਘਨ ਤੋਂ ਬਚਿਆ ਜਾ ਸਕੇ ਜਿਹੜਾ ਕਿ ਪੇਮੈਂਟ ਦੇ ਪ੍ਰੋਸੈੱਸ ਹੋਣ ਦੌਰਾਨ ਹੋ ਸਕਦਾ ਹੈ। ਤੁਸੀਂ ਆਪਣੀ ਪੇਮੈਂਟ ਬਾਰੇ ਆਪਣੇ ਮਾਈਹਾਈਡਰੋ ਖਾਤੇ ਵਿਚ ਲੌਗ ਇਨ ਕਰਕੇ ਜਾਂ ਸਾਨੂੰ 1 800 BCHYDRO (1 800 224 9376) `ਤੇ ਫੋਨ ਕਰਕੇ ਦੱਸ ਸਕਦੇ ਹੋ।

ਮੈਡੀਕਲ ਹਾਲਤਾਂ ਵਾਲੇ ਗਾਹਕ

ਜੇ ਤੁਹਾਡੀ ਕੋਈ ਅਜਿਹੀ ਮੈਡੀਕਲ ਹਾਲਤ ਹੈ ਜਿਸ ਲਈ ਲਾਈਫ ਸੁਪੋਰਟ ਦੇ ਮੰਤਵਾਂ ਲਈ ਬਿਜਲੀ ਨਾਲ ਚੱਲਣ ਵਾਲੇ ਮੈਡੀਕਲ ਸਾਜ਼-ਸਾਮਾਨ ਦੀ ਲੋੜ ਹੈ ਤਾਂ ਪੇਮੈਂਟ ਨਾ ਦੇਣ ਕਰਕੇ ਤੁਹਾਡੇ ਖਾਤੇ ਦਾ ਕੋਨੈਕਸ਼ਨ ਕੱਟਣ ਤੋਂ ਪਹਿਲਾਂ ਤੁਹਾਨੂੰ 20 ਦਿਨਾਂ ਦੀ ਐਕਸਟੈਨਸ਼ਨ ਦਿੱਤੀ ਜਾਵੇਗੀ। 20 ਦਿਨਾਂ ਦੀ ਐਕਸਟੈਨਸ਼ਨ ਦਿੱਤੇ ਜਾਣ ਤੋਂ ਪਹਿਲਾਂ, ਤੁਹਾਨੂੰ ਇਸ ਦੀ ਬੇਨਤੀ ਕਰਨ ਲਈ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ ਅਤੇ ਪੇਮੈਂਟ ਦੇ ਪ੍ਰਬੰਧ ਕਰਨ ਬਾਰੇ ਗੱਲ ਕਰਨ ਦੀ ਲੋੜ ਹੈ। ਅਸੀਂ ਤੁਹਾਡੀ ਮੈਡੀਕਲ ਹਾਲਤ ਦੀ ਤਸਦੀਕ ਕੀਤੇ ਜਾਣ ਦੀ ਮੰਗ ਕਰ ਸਕਦੇ ਹਾਂ।

ਜੇ ਤੁਹਾਡਾ ਕੋਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਤਾਂ ਆਪਣੀ ਬਿਜਲੀ ਵਾਪਸ ਕਿਵੇਂ ਲੈਣੀ ਹੈ

ਜੇ ਤੁਹਾਡਾ ਖਾਤਾ ਕੱਟ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਵਲੋਂ ਦੁਬਾਰਾ ਕੋਨੈਕਸ਼ਨ ਲਈ ਬੇਨਤੀ ਕੀਤੇ ਜਾਣ ਤੋਂ ਪਹਿਲਾਂ ਬਕਾਇਆ ਰਕਮ ਦੀ ਪੂਰੀ ਪੇਮੈਂਟ ਕੀਤੀ ਜਾਣੀ ਜ਼ਰੂਰੀ ਹੈ। ਤੁਹਾਡੇ ਅਗਲੇ ਬਿਲ `ਤੇ $30 ਦਾ ਰੀਕੋਨੈਕਸ਼ਨ ਚਾਰਜ ਲਿਆ ਜਾਵੇਗਾ ਅਤੇ ਅਸੀਂ ਸਕਿਉਰਟੀ ਡਿਪਾਜ਼ਿਟ ਦੀ ਮੰਗ ਵੀ ਕਰ ਸਕਦੇ ਹਾਂ।

ਜੇ ਤੁਹਾਡੇ ਸਮਾਰਟ ਮੀਟਰ ਲੱਗਾ ਹੋਇਆ ਹੈ ਤਾਂ ਤੁਸੀਂ ਕਿਸੇ ਏਜੰਟ ਨਾਲ ਗੱਲ ਕੀਤੇ ਬਿਨਾਂ ਦੁਬਾਰਾ ਕੋਨੈਕਸ਼ਨ ਲਈ ਬੇਨਤੀ ਕਰਨ ਦੇ ਯੋਗ ਹੋ ਸਕਦੇ ਹੋ। ਜਦੋਂ ਤੁਸੀਂ ਰਹਿੰਦੀ ਪੂਰੀ ਬਕਾਇਆ ਰਕਮ ਦੇ ਦੇਵੋ ਤਾਂ ਆਪਣੀ ਪੇਮੈਂਟ ਬਾਰੇ ਦੱਸਣ ਲਈ ਆਪਣੇ ਮਾਈਹਾਈਡਰੋ ਖਾਤੇ ਵਿਚ ਲੌਗ ਇਨ ਕਰੋ ਜਾਂ ਸਾਨੂੰ 1 800 BCHYDRO (1 800 224 9376) `ਤੇ ਫੋਨ ਕਰੋ।

ਜੇ ਤੁਹਾਡੇ ਖਾਤੇ ਲਈ ਆ ਕੇ ਹੱਥੀਂ ਦੁਬਾਰਾ ਕੋਨੈਕਸ਼ਨ ਕਰਨ ਦੀ ਲੋੜ ਹੋਵੇ ਅਤੇ ਤੁਸੀਂ ਕਾਰੋਬਾਰੀ ਸਮੇਂ ਤੋਂ ਬਾਅਦ ਜਾਂ ਵੀਕਇੰਡ ਨੂੰ ਦੁਬਾਰਾ ਕੋਨੈਕਸ਼ਨ ਕੀਤੇ ਜਾਣ ਦੀ ਮੰਗ ਕਰ ਰਹੇ ਹੋਵੋ ਤਾਂ $280 ਦਾ ਓਵਰਟਾਈਮ ਰੀਕੋਨੈਕਸ਼ਨ ਚਾਰਜ ਲਾਗੂ ਹੋਵੇਗਾ।

ਖਾਲੀ ਥਾਂਵਾਂ

ਜੇ ਪਿਛਲੇ ਖਾਤੇ ਵਾਲੇ ਵਲੋਂ ਆਪਣਾ ਖਾਤਾ ਬੰਦ ਕਰ ਦੇਣ ਤੋਂ ਬਾਅਦ ਕੋਈ ਵੀ ਸਰਵਿਸ ਲਈ ਅਪਲਾਈ ਨਹੀਂ ਕਰਦਾ ਤਾਂ ਅਸੀਂ ਬਿਜਲੀ ਬੰਦ ਕਰ ਦਿੰਦੇ ਹਾਂ।

ਨਵੇਂ ਨਿਵਾਸੀ ਵਲੋਂ ਸਰਵਿਸ ਲਈ ਅਰਜ਼ੀ ਮਿਲਣ `ਤੇ ਅਸੀਂ ਪ੍ਰਾਪਰਟੀ ਨਾਲ ਸਰਵਿਸ ਦਾ ਕੋਨੈਕਸ਼ਨ ਦੁਬਾਰਾ ਜੋੜ ਦਿਆਂਗੇ। ਬਿਜਲੀ ਦੀ ਸਰਵਿਸ ਵਿਚ ਕਿਸੇ ਵਿਘਨ ਤੋਂ ਬਚਣ ਲਈ, ਤੁਹਾਨੂੰ ਮੂਵ ਹੋ ਕੇ ਆਉਣ ਦੀ ਆਪਣੀ ਤਾਰੀਕ ਤੋਂ ਪਹਿਲਾਂ ਖਾਤੇ ਲਈ ਅਪਲਾਈ ਕਰਨਾ ਚਾਹੀਦਾ ਹੈ।

ਜੇ ਤੁਸੀਂ ਕਿਸੇ ਬਿਜ਼ਨਸ ਦੇ ਮਾਲਕ, ਪ੍ਰਾਪਰਟੀ ਮੈਨੇਜਰ ਜਾਂ ਕਿਰਾਏਦਾਰਾਂ ਦੇ ਮਕਾਨ ਮਾਲਕ ਹੋ ਜਿਹੜੇ ਬਿਜਲੀ ਦੀ ਸਰਵਿਸ ਲਈ ਬੀ ਸੀ ਹਾਈਡਰੋ ਨੂੰ ਸਿੱਧਾ ਅਦਾਇਗੀ ਕਰਦੇ ਹੋ ਤਾਂ ਤੁਹਾਨੂੰ ਨਿਵਾਸੀ ਕਿਰਾਏਦਾਰੀ ਦੇ ਐਗਰੀਮੈਂਟ ਲਈ ਅਪਲਾਈ ਕਰਨਾ ਚਾਹੀਦਾ ਹੈ। ਇਸ ਨਾਲ ਇਹ ਪੱਕਾ ਹੁੰਦਾ ਹੈ ਕਿ ਕਿਰਾਏਦਾਰਾਂ ਦੇ ਵਿਚਕਾਰ ਬਿਜਲੀ ਚੱਲਦੀ ਰਹੇ।

ਸਾਡੇ ਮੀਟਰਾਂ ਅਤੇ ਸਾਜ਼-ਸਾਮਾਨ ਤੱਕ ਪਹੁੰਚ

ਤੁਹਾਡੀ ਸਰਵਿਸ ਨੂੰ ਕਾਇਮ ਰੱਖਣ ਲਈ ਸਾਨੂੰ ਤੁਹਾਡੇ ਮੀਟਰਾਂ ਅਤੇ ਸਾਜ਼-ਸਾਮਾਨ ਤੱਕ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਦੀ ਲੋੜ ਹੈ। ਇਹ ਪੱਕਾ ਕਰੋ ਕਿ ਮੀਟਰ ਅਤੇ ਕਿਸੇ ਹੋਰ ਸਾਜ਼-ਸਾਮਾਨ ਤੱਕ ਰਾਹ ਬੂਟਿਆਂ ਜਾਂ ਦਰੱਖਤਾਂ, ਫੈਂਸਾਂ, ਲੈਂਡਸਕੇਪਿੰਗ ਨੇ ਬੰਦ ਨਹੀਂ ਕੀਤਾ ਹੋਇਆ ਹੈ ਅਤੇ ਜਿੰਦਰਾ ਲੱਗੇ ਦਰਵਾਜ਼ੇ ਜਾਂ ਗੇਟਾਂ ਤੱਕ ਸਾਡੀ ਪਹੁੰਚ ਹੈ।

ਜੇ ਅਸੀਂ ਤੁਹਾਡੇ ਮੀਟਰ ਤੱਕ ਨਾ ਪਹੁੰਚ ਸਕੀਏ ਜਾਂ ਰਸਤਾ ਬੰਦ ਹੋਵੇ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਅਸੀਂ ਮੀਟਰ ਤੱਕ ਜਾਣ ਦਾ ਪ੍ਰਬੰਧ ਨਾ ਕਰ ਸਕੀਏ ਤਾਂ ਸਾਡੇ ਕੋਲ ਬਿਜਲੀ ਦੀ ਸਰਵਿਸ ਕੱਟੇ ਬਿਨਾਂ ਕੋਈ ਹੋਰ ਚਾਰਾ ਨਹੀਂ ਹੋਵੇਗਾ।

ਜੇ ਕੋਨੈਕਸ਼ਨ ਕੱਟਣ ਦੀ ਲੋੜ ਪਵੇ ਤਾਂ ਇਹ ਕੋਨੈਕਸ਼ਨ ਵਾਲੀ ਥਾਂ `ਤੇ ਕੱਟਿਆ ਜਾਵੇਗਾ (ਜਿਵੇਂ ਕਿ ਖੰਭੇ `ਤੇ ਜਾਂ ਕੋਨੈਕਸ਼ਨ ਦੀ ਅੰਡਰਗਾਊਂਡ ਥਾਂ `ਤੇ), ਜਿਸ ਦਾ ਖਰਚਾ ਦੂਰੋਂ ਜਾਂ ਤੁਹਾਡੇ ਮੀਟਰ ਤੋਂ ਕੋਨੈਕਸ਼ਨ ਕੱਟਣ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ। ਜਦੋਂ ਤੁਸੀਂ ਦੁਬਾਰਾ ਕੋਨੈਕਸ਼ਨ ਲਈ ਬੇਨਤੀ ਕਰਦੇ ਹੋ ਤਾਂ ਆਪਣੇ ਖਰਚੇ ਵਸੂਲਣ ਲਈ, ਤੁਹਾਡੇ ਤੋਂ ਰਫਿਊਜ਼ਡ ਐਕਸੈੱਸ ਰੀਕੋਨੈਕਸ਼ਨ ਨਾਂ ਦਾ $700 ਦਾ ਚਾਰਜ ਲਿਆ ਜਾਵੇਗਾ।

ਕਨਸਟਰੱਕਸ਼ਨ ਅਤੇ ਰੈਨੋਵੇਸ਼ਨਾਂ (ਉਸਾਰੀ ਅਤੇ ਮੁਰੰਮਤਾਂ)

ਬਿਜਲੀ ਖਤਰਨਾਕ ਹੈ, ਇਸ ਕਰਕੇ ਜੇ ਤੁਹਾਡੇ ਕਨਸਟਰੱਕਸ਼ਨ ਜਾਂ ਰੈਨੋਵੇਸ਼ਨ ਦੇ ਪ੍ਰੋਜੈਕਟ `ਤੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਲਈ ਥੋੜ੍ਹੇ ਸਮੇਂ ਲਈ ਕੋਨੈਕਸ਼ਨ ਕੱਟਣ ਦੀ ਲੋੜ ਹੋਵੇ ਤਾਂ ਇਸ ਬਾਰੇ ਸਾਨੂੰ ਦੱਸੋ। ਬਿਜਲੀ ਦੇ ਕੋਨੈਕਸ਼ਨਾਂ ਬਾਰੇ ਜ਼ਿਆਦਾ ਜਾਣੋ।

ਆਪਣਾ ਖਾਤਾ ਬੰਦ ਕਰਨਾ

ਜੇ ਤੁਸੀਂ ਮੂਵ ਹੋ ਰਹੇ ਹੋਵੋ ਅਤੇ ਤੁਹਾਨੂੰ ਹੁਣ ਬਿਜਲੀ ਦੀ ਲੋੜ ਨਹੀਂ ਹੈ ਤਾਂ ਤੁਹਾਡਾ ਖਾਤਾ ਬੰਦ ਕਰਨ ਲਈ ਸਾਨੂੰ ਘੱਟੋ ਘੱਟ 24 ਘੰਟੇ ਦੇ ਨੋਟਿਸ ਦੀ ਲੋੜ ਹੈ।

ਇਸ ਨੋਟਿਸ ਦੇ ਖਤਮ ਹੋ ਜਾਣ ਤੱਕ ਤੁਸੀਂ ਆਪਣੇ ਖਾਤੇ ਨਾਲ ਜੁੜੀ ਕਿਸੇ ਵੀ ਰਕਮ ਦੀ ਪੇਮੈਂਟ ਕਰਨ ਲਈ ਜ਼ਿੰਮੇਵਾਰ ਹੋ। ਇਸ ਵਿਚ ਤੁਹਾਡੇ ਵਲੋਂ ਸਾਡੇ ਨਾਲ ਸੰਪਰਕ ਕਰਨ ਤੋਂ ਬਾਅਦ ਦੇ 24 ਘੰਟਿਆਂ ਵਿਚ ਵਰਤੀ ਗਈ ਬਿਜਲੀ ਅਤੇ ਇਸ ਦੇ ਨਾਲ ਨਾਲ ਕੋਈ ਵੀ ਉਹ ਖਰਚੇ ਸ਼ਾਮਲ ਹਨ ਜਿਹੜੇ ਟੁੱਟੀਆਂ ਤਾਰਾਂ, ਮੀਟਰ (ਮੀਟਰਾਂ) ਜਾਂ ਸਾਡੇ ਹੋਰ ਕਿਸਮਾਂ ਦੇ ਸਾਜ਼-ਸਾਮਾਨ ਨੂੰ ਹੋਏ ਨੁਕਸਾਨ ਨਾਲ ਸੰਬੰਧਿਤ ਹੁੰਦੇ ਹਨ।

ਜੇ ਤੁਸੀਂ ਆਪਣੀ ਸਰਵਿਸ ਕੈਂਸਲ ਕਰਦੇ ਹੋ, ਅਤੇ ਕੋਈ ਨਵਾਂ ਖਾਤਾ ਨਹੀਂ ਖੋਲ੍ਹਿਆ ਗਿਆ ਹੈ (ਜਿਵੇਂ ਕਿ ਕਿਸੇ ਹੋਰ ਵਲੋਂ) ਅਤੇ ਤੁਸੀਂ 12 ਮਹੀਨਿਆਂ ਦੇ ਸਮੇਂ ਦੇ ਵਿਚ ਵਿਚ ਉਸੇ ਐਡਰੈਸ `ਤੇ ਸਰਵਿਸ ਲਈ ਦੁਬਾਰਾ ਅਪਲਾਈ ਕਰਦੇ ਹੋ ਤਾਂ ਵਿਚਕਾਰਲੇ ਸਾਰੇ ਦਿਨਾਂ ਲਈ ਰੋਜ਼ਾਨਾ ਮੁਢਲੇ ਚਾਰਜ ਲਈ ਅਤੇ ਆਪਣੀ ਸਰਵਿਸ ਦੁਬਾਰਾ ਬਹਾਲ ਕਰਨ ਦੇ ਖਰਚਿਆਂ ਲਈ ਤੁਸੀਂ ਜ਼ਿੰਮੇਵਾਰ ਹੋ। ਦੁਬਾਰਾ ਕੋਨੈਕਸ਼ਨ ਜਾਂ ਕੋਨੈਕਸ਼ਨ ਦਾ ਨਵਾਂ ਚਾਰਜ ਵੀ ਖਾਤੇ ਉੱਪਰ ਪਾਇਆ ਜਾਵੇਗਾ।

ਅਜਿਹਾ ਹੋਣ ਦੀ ਇਕ ਆਮ ਉਦਾਹਰਣ ਹੈ ਜਦੋਂ ਕੋਈ ਗਾਹਕ ਰੈਨੋਵੇਸ਼ਨ ਦੇ ਪ੍ਰੋਜੈਕਟ ਦੌਰਾਨ ਸਰਵਿਸ ਕੈਂਸਲ ਕਰਦਾ ਹੈ ਅਤੇ ਫਿਰ ਸਰਵਿਸ ਲਈ ਦੁਬਾਰਾ ਅਪਲਾਈ ਕਰਦਾ ਹੈ। ਕਨਸਟਰੱਕਸ਼ਨ ਅਤੇ ਰੈਨੋਵੇਸ਼ਨਾਂ ਲਈ ਸਰਵਿਸ ਦਾ ਟੈਂਪਰੇਰੀ ਜਾਂ ਪੱਕਾ ਕੋਨੈਕਸ਼ਨ ਕੱਟਣ ਲਈ ਇੱਥੇ ਕਲਿੱਕ ਕਰੋ

ਜੇ ਤੁਸੀਂ ਕਿਸੇ ਬਿਜ਼ਨਸ ਦੇ ਮਾਲਕ, ਪ੍ਰਾਪਰਟੀ ਮੈਨੇਜਰ ਜਾਂ ਕਿਰਾਏਦਾਰਾਂ ਦੇ ਮਕਾਨ ਮਾਲਕ ਹੋ ਜਿਹੜੇ ਬਿਜਲੀ ਦੀ ਸਰਵਿਸ ਲਈ ਬੀ ਸੀ ਹਾਈਡਰੋ ਨੂੰ ਸਿੱਧਾ ਅਦਾਇਗੀ ਕਰਦੇ ਹੋ ਤਾਂ ਤੁਹਾਨੂੰ ਨਿਵਾਸੀ ਕਿਰਾਏਦਾਰੀ ਦੇ ਐਗਰੀਮੈਂਟ ਲਈ ਅਪਲਾਈ ਕਰਨਾ ਚਾਹੀਦਾ ਹੈ। ਇਸ ਨਾਲ ਇਹ ਪੱਕਾ ਹੁੰਦਾ ਹੈ ਕਿ ਕਿਰਾਏਦਾਰਾਂ ਦੇ ਵਿਚਕਾਰ ਬਿਜਲੀ ਚੱਲਦੀ ਰਹੇ।

ਮੀਟਰ ਪੜ੍ਹਣਾ

ਸਾਡੇ ਬਹੁਤੇ ਮੀਟਰ, ਤੁਹਾਡੇ ਵਲੋਂ ਵਰਤੀ ਗਈ ਬਿਜਲੀ ਦੀ ਜਾਣਕਾਰੀ ਆਪਣੇ ਆਪ ਹੀ ਦਿਨ ਵਿਚ ਤਿੰਨ ਵਾਰੀ ਸਾਨੂੰ ਵਾਪਸ ਭੇਜਦੇ ਹਨ।

ਥੋੜ੍ਹੇ ਜਿਹੇ ਆਮ ਮੀਟਰ ਅਜੇ ਵੀ ਆਪ ਆ ਕੇ ਪੜ੍ਹੇ ਜਾਂਦੇ ਹਨ। ਇਸ ਦੇ ਇਲਾਵਾ, ਜਿਹੜੇ ਗਾਹਕ ਮੀਟਰ ਦੀਆਂ ਚੋਣਾਂ ਦੇ ਪ੍ਰੋਗਰਾਮ ਵਿਚ ਗਏ ਹਨ (ਰੇਡਿਓ-ਔਫ ਅਤੇ ਲੈਗੇਸੀ ਮੀਟਰ) ਉਨ੍ਹਾਂ ਦੇ ਮੀਟਰ ਵੀ ਹਰ ਦੋ ਮਹੀਨਿਆਂ ਬਾਅਦ ਆ ਕੇ ਪੜ੍ਹੇ ਜਾਂਦੇ ਹਨ।

ਕਿਰਪਾ ਕਰਕੇ ਇਹ ਪੱਕਾ ਕਰੋ ਕਿ ਸਾਡੇ ਮੀਟਰਾਂ ਅਤੇ ਸਾਡੇ ਸਾਜ਼-ਸਾਮਾਨ ਤੱਕ ਸਾਡੀ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਹੈ।

ਮੀਟਰ ਦੀ ਅੰਦਾਜ਼ਨ ਪੜ੍ਹਤ

ਜੇ ਅਸੀਂ ਤੁਹਾਡਾ ਮੀਟਰ ਪੜ੍ਹਨ ਦੇ ਯੋਗ ਨਾ ਹੋਈਏ ਤਾਂ ਬਿਲ ਲਈ ਅੰਦਾਜ਼ਨ ਰਕਮ ਵਰਤੀ ਜਾ ਸਕਦੀ ਹੈ। ਇਕ ਸੁਨੇਹਾ – “ਤੁਹਾਡਾ ਬਿਲ ਇਕ ਅੰਦਾਜ਼ਾ ਹੈ” ਤੁਹਾਡੇ ਬਿਲ ਉਪਰ ਲਿਖਿਆ ਹੋਵੇਗਾ। ਜਦੋਂ ਅਸੀਂ ਤੁਹਾਡਾ ਬਿਲ ਪੜ੍ਹਨ ਦੇ ਯੋਗ ਹੋ ਜਾਈਏ ਤਾਂ ਬਿਜਲੀ ਦੀ ਅਸਲੀ ਵਰਤੋਂ ਦਿਖਾਉਣ ਲਈ ਤੁਹਾਡੇ ਖਾਤੇ ਉੱਪਰ ਅਡਜਸਟਮੈਂਟ ਕੀਤੀ ਜਾਵੇਗੀ।

ਬਿਜਲੀ ਦੇ ਮੀਟਰਾਂ ਬਾਰੇ ਜ਼ਿਆਦਾ ਜਾਣੋ।

ਤੁਹਾਡੀ ਪ੍ਰਾਪਰਟੀ ਉੱਪਰ ਸਾਜ਼-ਸਾਮਾਨ

ਪ੍ਰਾਪਰਟੀ ਦਾ ਮਾਲਕ ਸਹੀ ਤਾਰਾਂ ਅਤੇ ਫਿਟਿੰਗਜ਼ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ ਜਿਹੜੀਆਂ ਬਿਜਲੀ ਨਾਲ ਸੰਬੰਧਿਤ ਕੋਡ ਜਾਂ ਮਿਊਂਨਿਸਪਲ ਬਾਈਲਾਜ਼ ਦੀ ਪਾਲਣਾ ਕਰਦੀਆਂ ਹੋਣ ਤਾਂ ਜੋ ਅਸੀਂ ਬਿਜਲੀ ਦੀ ਸਰਵਿਸ ਦੇ ਸਕੀਏ।

ਪ੍ਰਾਪਰਟੀ ਦਾ ਮਾਲਕ ਇਹ ਚੀਜ਼ਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਦੀ ਸੰਭਾਲ ਕਰਨ ਲਈ ਜ਼ਿੰਮੇਵਾਰ ਹੈ:

  • ਇਨਸੂਲੇਟਰ ਨਾਲ ਆਰ ਪਾਰ ਬੋਲਟ ਵਾਲਾ ਕਲੈਵਿਸ
  • ਵੈਦਰ ਹੈੱਡ (ਜਿਸ ਨੂੰ ਗੂਸਨੈੱਕ ਵੀ ਆਖਿਆ ਜਾਂਦਾ ਹੈ)
  • ਨਾਲੀ (ਜਿਸ ਨੂੰ ਹਾਊਸ ਪਾਈਪ, ਸਰਵਿਸ ਮਾਸਟ ਵੀ ਆਖਿਆ ਜਾਂਦਾ ਹੈ)
  • ਮੀਟਰ ਬੇਸ
  • ਤੁਹਾਡੀ ਪ੍ਰਾਪਰਟੀ ਦੇ ਅੰਦਰ ਸਾਰੀਆਂ ਤਾਰਾਂ

ਅਸੀਂ ਬਿਜਲੀ ਦੇ ਅੱਗੇ ਲਿਖੇ ਸਾਜ਼-ਸਾਮਾਨ ਦੇ ਮਾਲਕ ਹਾਂ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਹਾਂ:

  • ਬਿਜਲੀ ਦੇ ਮੀਟਰ
  • ਬੀ ਸੀ ਹਾਈਡਰੋ ਦੇ ਬਿਜਲੀ ਦੇ ਖੰਭੇ
  • ਤਾਰਾਂ
  • ਕੇਬਲਾਂ

ਤੁਹਾਡੀ ਸਰਵਿਸ ਨੂੰ ਕਾਇਮ ਰੱਖਣ ਲਈ ਸਾਨੂੰ ਤੁਹਾਡੇ ਮੀਟਰਾਂ ਅਤੇ ਸਾਜ਼-ਸਾਮਾਨ ਤੱਕ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਦੀ ਲੋੜ ਹੈ।

ਸਾਡੇ ਨਾਲ ਸੰਬੰਧਿਤ ਸਾਰਾ ਸਾਜ਼-ਸਾਮਾਨ ਬੀ ਸੀ ਹਾਈਡਰੋ ਦੀ ਪ੍ਰਾਪਰਟੀ ਰਹਿੰਦਾ ਹੈ ਭਾਵੇਂ ਇਹ ਤੁਹਾਡੀ ਪ੍ਰਾਪਰਟੀ `ਤੇ ਹੀ ਹੋਵੇ, ਅਤੇ ਇਸ ਨੂੰ ਸਾਡੀ ਲਿਖਤੀ ਆਗਿਆ ਬਿਨਾਂ ਮੂਵ ਨਹੀਂ ਕੀਤਾ ਜਾ ਸਕਦਾ ਜਾਂ ਹਟਾਇਆ ਨਹੀਂ ਜਾ ਸਕਦਾ।

ਬਿਜਲੀ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਆਪਣੀ ਸੇਫਟੀ ਅਤੇ ਲੋਕਾਂ ਅਤੇ ਸਾਡੇ ਮੁਲਾਜ਼ਮਾਂ ਦੀ ਸੇਫਟੀ ਲਈ, ਕਿਰਪਾ ਕਰਕੇ ਸਾਡੇ ਸਾਜ਼-ਸਾਮਾਨ ਉੱਪਰ ਕੋਈ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਵਿਚ ਉਨ੍ਹਾਂ ਦਰੱਖਤਾਂ ਜਾਂ ਚੀਜ਼ਾਂ ਨੂੰ ਹਟਾਉਣਾ ਵੀ ਸ਼ਾਮਲ ਹੈ ਜਿਹੜੀਆਂ ਤਾਰਾਂ ਜਾਂ ਖੰਭਿਆਂ ਉੱਪਰ ਡਿਗੀਆਂ ਜਾਂ ਨੇੜੇ ਉੱਗ ਰਹੀਆਂ ਹੋ ਸਕਦੀਆਂ ਹਨ। ਸਾਡੇ ਸਿਸਟਮ ਨਾਲ ਕੋਨੈਕਸ਼ਨ ਕਰਨ ਅਤੇ ਕੋਨੈਕਸ਼ਨ ਕੱਟੇ ਜਾਣ ਦਾ ਕੰਮ ਸਾਡੇ ਅਮਲੇ ਅਤੇ ਸਾਡੇ ਠੇਕੇਦਾਰਾਂ ਵਲੋਂ ਹੀ ਕੀਤਾ ਜਾਣਾ ਜ਼ਰੂਰੀ ਹੈ। ਤੁਹਾਡੀ ਪ੍ਰਾਪਰਟੀ ਨੂੰ ਸਰਵਿਸ ਦੇ ਰਹੇ ਸਾਜ਼-ਸਾਮਾਨ ਉੱਪਰ ਜਾਂ ਇਸ ਦੇ ਨੇੜੇ ਜੇ ਕੋਈ ਕੰਮ ਕਰਨ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ।

ਬਿਜਲੀ ਦੇ ਕੋਨੈਕਸ਼ਨਾਂ ਬਾਰੇ ਜ਼ਿਆਦਾ ਜਾਣੋ।

ਸਾਡੀ ਜ਼ਿੰਮੇਵਾਰੀ ਅਤੇ ਤੁਹਾਡੀ ਸਰਵਿਸ ਦਾ ਕੋਨੈਕਸ਼ਨ ਕੱਟਣ ਜਾਂ ਆਰਜ਼ੀ ਤੌਰ `ਤੇ ਬੰਦ ਕਰਨ ਦਾ ਸਾਡਾ ਹੱਕ

ਤੁਹਾਨੂੰ ਇਕਸਾਰ ਅਤੇ ਨਿਰਵਿਘਨ ਸਰਵਿਸ ਦੇਣ ਲਈ ਅਸੀਂ ਸਖਤ ਮਿਹਨਤ ਕਰਦੇ ਹਾਂ ਪਰ ਅਸੀਂ ਬਿਜਲੀ ਦੀ ਲਗਾਤਾਰ ਸਪਲਾਈ ਜਾਂ ਫ੍ਰੀਕੂਐਂਸੀ ਜਾਂ ਵੋਲਟੇਜ ਦੇ ਕਾਇਮ ਰਹਿਣ ਦੀ ਗਰੰਟੀ ਨਹੀਂ ਦਿੰਦੇ। ਇਸ ਕਰਕੇ, ਸਾਨੂੰ ਕਿਸੇ ਨੁਕਸਾਨ ਲਈ ਜ਼ਿੰਮੇਵਾਰ, ਸੱਟ, ਨੁਕਸਾਨ ਜਾਂ ਖਰਚੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਿਸ ਵਿਚ ਨਫੇ ਦਾ ਨੁਕਸਾਨ, ਆਮਦਨ ਦਾ ਨੁਕਸਾਨ ਜਾਂ ਹੋਰ ਆਰਥਿਕ ਨੁਕਸਾਨ ਵੀ ਸ਼ਾਮਲ ਹਨ, ਜਿਹੜੇ ਬਿਜਲੀ ਦੀ ਸਪਲਾਈ ਵਿਚ ਵਿਘਨ ਜਾਂ ਨੁਕਸ ਕਰਕੇ ਹੋਏ ਹੋ ਸਕਦੇ ਹਨ।

ਅਸੀਂ ਕਿਸੇ ਵੇਲੇ ਵੀ, ਚੋਰੀ ਜਾਂ ਫਰਾਡ ਰੋਕਣ ਲਈ, ਸਾਡੀ ਪ੍ਰਾਪਰਟੀ ਦੀ ਰੱਖਿਆ ਕਰਨ ਲਈ ਜਾਂ ਹੋਰ ਗਾਹਕਾਂ ਨੂੰ ਸਾਡੀ ਸਰਵਿਸ ਦੀ ਰੱਖਿਆ ਕਰਨ ਲਈ ਤੁਹਾਡੀ ਸਰਵਿਸ ਰੋਕ ਜਾਂ ਖਤਮ ਕਰ ਸਕਦੇ ਹਾਂ। ਅਸੀਂ ਤੁਹਾਡਾ ਕੋਨੈਕਸ਼ਨ ਤਾਂ ਵੀ ਕੱਟ ਸਕਦੇ ਹਾਂ ਜੇ ਤੁਸੀਂ ਸਾਡੇ ਸਰਵਿਸ ਐਗਰੀਮੈਂਟ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿਚ ਫੇਲ੍ਹ ਹੁੰਦੇ ਹੋ, ਜਾਂ ਜੇ ਸਾਨੂੰ ਕੋਈ ਸਰਕਾਰੀ ਵਿਭਾਗ ਤੁਹਾਡੀ ਸਰਵਿਸ ਰੋਕਣ ਜਾਂ ਖਤਮ ਕਰਨ ਦਾ ਆਰਡਰ ਕਰਦਾ ਹੈ।

ਬਿਜਲੀ ਦੀ ਸਰਵਿਸ ਸੇਫਟੀ ਦੇ ਕਾਰਨਾਂ ਕਰਕੇ, ਸਾਡੇ ਸਿਸਟਮ ਵਿਚ ਰਿਪੇਅਰਾਂ ਜਾਂ ਸੁਧਾਰ ਕਰਨ ਲਈ, ਜਾਂ ਕੋਈ ਅੱਗ ਲੱਗਣ, ਹੜ੍ਹ ਆਉਣ ਜਾਂ ਕਿਸੇ ਹੋਰ ਐਮਰਜੰਸੀ ਵਿਚ ਆਰਜ਼ੀ ਤੌਰ `ਤੇ ਬੰਦ ਕੀਤੀ ਜਾ ਸਕਦੀ ਹੈ। ਜਦੋਂ ਵੀ ਵਿਹਾਰਕ ਹੋਵੇ, ਅਸੀਂ ਬਿਜਲੀ ਦੇ ਬੰਦ ਹੋਣ ਦਾ ਨੋਟਿਸ ਦਿਆਂਗੇ ਅਤੇ ਜਿੰਨਾ ਵੀ ਛੇਤੀ ਹੋ ਸਕੇ ਸਰਵਿਸ ਦੁਬਾਰਾ ਚਾਲੂ ਕਰਾਂਗੇ।

ਸ਼ਿਕਾਇਤਾਂ

ਜੇ ਸਾਡੇ ਵਲੋਂ ਤੁਹਾਨੂੰ ਦਿੱਤੀ ਜਾ ਰਹੀ ਸਰਵਿਸ ਬਾਰੇ ਤੁਹਾਡਾ ਕੋਈ ਮਤਭੇਦ ਹੋਵੇ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਤੁਹਾਡੀ ਸ਼ਿਕਾਇਤ ਦਾ ਹੱਲ ਕਰਨ ਲਈ ਅਸੀਂ ਹਰ ਕੋਸ਼ਿਸ਼ ਕਰ ਸਕੀਏ।

ਸਾਨੂੰ ਬ੍ਰਿਟਿਸ਼ ਕੋਲੰਬੀਆ ਯੂਟਿਲਟੀਜ਼ ਕਮਿਸ਼ਨ (ਬੀ ਸੀ ਯੂ ਸੀ) ਵਲੋਂ ਨਿਯਮਬੱਧ ਕੀਤਾ ਜਾਂਦਾ ਹੈ ਅਤੇ ਯੂਟਿਲਟੀਜ਼ ਕਮਿਸ਼ਨ ਐਕਟ ਹੇਠ ਬੀ ਸੀ ਯੂ ਸੀ ਦੀਆਂ ਜ਼ਿੰਮੇਵਾਰੀਆਂ ਵਿਚ ਇਹ ਪੱਕਾ ਕਰਨਾ ਸ਼ਾਮਲ ਹੈ ਕਿ ਗਾਹਕਾਂ ਨੂੰ ਇਸ ਦੇ ਨਿਯਮਾਂ ਹੇਠਲੀਆਂ ਯੂਟਿਲਟੀਜ਼ ਤੋਂ ਵਾਜਬ ਰੇਟਾਂ `ਤੇ ਸੁਰੱਖਿਅਤ, ਭਰੋਸੇਯੋਗ ਅਤੇ ਬਿਨਾਂ ਵਿਤਕਰੇ ਤੋਂ ਐਨਰਜੀ ਦੀਆਂ ਸੇਵਾਵਾਂ ਮਿਲਣ। ਜੇ ਅਸੀਂ ਤੁਹਾਡੀ ਸੰਤੁਸ਼ਟੀ ਮੁਤਾਬਕ ਤੁਹਾਡੀ ਸ਼ਿਕਾਇਤ ਦਾ ਹੱਲ ਨਾ ਕਰੀਏ ਤਾਂ ਤੁਹਾਡੇ ਕੋਲ ਬੀ ਸੀ ਯੂ ਸੀ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਹੱਕ ਹੈ।

ਓਮਬਡਜ਼ਪਰਸਨ ਦਾ ਦਫਤਰ ਇਕ ਆਜ਼ਾਦ ਦਫਤਰ ਹੈ ਜਿਹੜਾ ਇਹ ਪੜਤਾਲਾਂ ਕਰਦਾ ਹੈ ਕਿ ਕੀ ਸੂਬੇ ਦੀਆਂ ਜਨਤਕ ਅਥਾਰਟੀਆਂ, ਜਿਨ੍ਹਾਂ ਵਿਚ ਬੀ ਸੀ ਹਾਈਡਰੋ ਵੀ ਸ਼ਾਮਲ ਹੈ, ਮੁਨਾਸਬ ਤੌਰ `ਤੇ ਅਤੇ ਵਾਜਬ ਤੌਰ `ਤੇ ਕੰਮ ਕਰ ਰਹੀਆਂ ਹਨ ਕਿ ਨਹੀਂ। ਜੇ ਤੁਸੀਂ ਇਹ ਯਕੀਨ ਕਰਦੇ ਹੋਵੋ ਕਿ ਅਸੀਂ ਤੁਹਾਡੇ ਨਾਲ ਨਾਵਾਜਿਬ ਤਰੀਕੇ ਨਾਲ ਵਰਤਾਉ ਕੀਤਾ ਹੈ ਤਾਂ ਤੁਹਾਡੇ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਚੋਣ ਹੈ।

ਜੇ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ ਅਤੇ ਤੁਸੀਂ ਅੰਗਰੇਜ਼ੀ ਵਿਚ ਗੱਲ ਕਰਨ ਲਈ ਆਰਾਮਦੇਹ ਨਾ ਮਹਿਸੂਸ ਕਰਦੇ ਹੋਵੋ ਤਾਂ ਮੰਗ ਕਰਨ `ਤੇ ਬੀ ਸੀ ਹਾਈਡਰੋ ਅਨੁਵਾਦ ਦੀ ਸਰਵਿਸ ਦੇਵੇਗੀ।